2 Samuel 10

1ਇਹ ਦੇ ਪਿੱਛੋਂ ਅਜਿਹਾ ਹੋਇਆ ਜੋ ਅੰਮੋਨੀਆਂ ਦਾ ਰਾਜਾ ਮਰ ਗਿਆ ਅਤੇ ਉਸ ਦੇ ਪੁੱਤਰ ਹਾਨੂਨ ਨੇ ਉਸ ਦੇ ਥਾਂ ਰਾਜ ਕੀਤਾ । 2ਤਦ ਦਾਊਦ ਨੇ ਆਖਿਆ, ਮੈਂ ਨਾਹਾਸ਼ ਦੇ ਪੁੱਤਰ ਹਾਨੂਨ ਦੇ ਨਾਲ ਭਲਿਆਈ ਕਰਾਂਗਾ ਜਿਵੇਂ ਉਹ ਦੇ ਪਿਤਾ ਨੇ ਮੇਰੇ ਨਾਲ ਭਲਿਆਈ ਕੀਤੀ ਸੀ ਸੋ ਦਾਊਦ ਨੇ ਉਹ ਦੇ ਪਿਤਾ ਦੇ ਵਿਖੇ ਉਹ ਦੇ ਕੋਲ ਤੱਸਲੀ ਦੇਣ ਲਈ ਆਪਣੇ ਸੇਵਕ ਭੇਜੇ ਅਤੇ ਦਾਊਦ ਦੇ ਸੇਵਕ ਅੰਮੋਨੀਆਂ ਦੇ ਦੇਸ਼ ਵਿੱਚ ਗਏ । 3ਪਰ ਅੰਮੋਨੀਆਂ ਦੇ ਪ੍ਰਧਾਨਾਂ ਨੇ ਆਪਣੇ ਮਾਲਕ ਹਾਨੂਨ ਨੂੰ ਆਖਿਆ, ਭਲਾ, ਤੈਨੂੰ ਇਹ ਧਿਆਨ ਹੈ ਜੋ ਦਾਊਦ ਤੇਰੇ ਪਿਤਾ ਦਾ ਆਦਰ ਕਰਦਾ ਹੈ ਜੋ ਉਸ ਤੱਸਲੀ ਦੇਣ ਲਈ ਤੇਰੇ ਕੋਲ ਲੋਕ ਭੇਜੇ ਹਨ ? ਭਲਾ, ਦਾਊਦ ਨੇ ਆਪਣੇ ਸੇਵਕ ਤੇਰੇ ਕੋਲ ਇਸ ਲਈ ਨਹੀਂ ਭੇਜੇ ਜੋ ਸ਼ਹਿਰ ਦਾ ਹਾਲ ਵੇਖ ਲੈਣ ਅਤੇ ਉਹ ਦਾ ਭੇਤ ਲੈਣ ਜੋ ਸ਼ਹਿਰ ਨੂੰ ਨਾਸ਼ ਕਰਨ ?

4ਤਦ ਹਾਨੂਨ ਨੇ ਦਾਊਦ ਦੇ ਸੇਵਕਾਂ ਨੂੰ ਫੜ ਲਿਆ ਅਤੇ ਸਾਰਿਆਂ ਦੀ ਅੱਧੀ-ਅੱਧੀ ਦਾੜੀ ਮੁਨਵਾ ਸੁੱਟੀ ਅਤੇ ਉਨ੍ਹਾਂ ਦੇ ਲੀੜੇ ਅੱਧ ਵਿਚਕਾਰੋਂ ਲੱਕ ਤੱਕ ਫਾੜ ਸੁੱਟੇ ਅਤੇ ਉਨ੍ਹਾਂ ਨੂੰ ਤੋਰ ਦਿੱਤਾ । 5ਜਦ ਦਾਊਦ ਨੂੰ ਖ਼ਬਰ ਮਿਲੀ ਤਾਂ ਉਸ ਨੇ ਉਨ੍ਹਾਂ ਨੂੰ ਮਿਲਣ ਲਈ ਲੋਕ ਭੇਜੇ ਕਿਉਂ ਜੋ ਓਹ ਮਨੁੱਖ ਬਹੁਤ ਲੱਜਿਆਵਾਨ ਹੋਏ ਸੋ ਰਾਜਾ ਨੇ ਆਖਿਆ, ਜਦ ਤੱਕ ਤੁਹਾਡੀਆਂ ਦਾੜ੍ਹੀਆਂ ਨਾ ਵਧਣ ਯਰੀਹੋ ਵਿੱਚ ਰਹੋ, ਇਸ ਤੋਂ ਬਾਅਦ ਹੀ ਵਾਪਸ ਆ ਜਾਣਾ ।

6ਅੰਮੋਨੀਆਂ ਨੇ ਜਦ ਵੇਖਿਆ ਕਿ ਅਸੀਂ ਦਾਊਦ ਅੱਗੇ ਬੁਰੇ ਠਹਿਰੇ ਹਾਂ ਅੰਮੋਨੀਆਂ ਨੇ ਲੋਕ ਭੇਜੇ ਅਤੇ ਬੈਤ-ਰਹੋਬ ਦੇ ਅਰਾਮੀਆਂ ਅਤੇ ਸੋਬਾ ਦੇ ਅਰਾਮੀਆਂ ਦੇ ਵੀਹ ਹਜ਼ਾਰ ਪਿਆਦੇ ਲਏ ਅਤੇ ਮਆਕਾਹ ਦੇ ਰਾਜਾ ਤੋਂ ਹਜ਼ਾਰ ਮਨੁੱਖਾਂ ਨੂੰ ਅਤੇ ਬਾਰਾਂ ਹਜ਼ਾਰ ਟੋਬ ਦੇ ਮਨੁੱਖਾਂ ਨੂੰ ਭਾੜੇ ਤੇ ਰੱਖਿਆ । 7ਇਹ ਸੁਣ ਕੇ ਦਾਊਦ ਨੇ ਯੋਆਬ ਅਤੇ ਸੂਰਮਿਆਂ ਦੀ ਸਾਰੀ ਸੈਨਾ ਨੂੰ ਭੇਜਿਆ । 8ਤਦ ਅੰਮੋਨੀ ਨਿੱਕਲੇ ਅਤੇ ਸ਼ਹਿਰ ਦੇ ਫਾਟਕ ਦੇ ਲਾਂਘੇ ਕੋਲ ਲੜਾਈ ਦੇ ਲਈ ਕਤਾਰ ਬੰਨ੍ਹੀ । ਅਤੇ ਸੋਬਾ ਅਤੇ ਰਹੋਬ ਦੇ ਅਰਾਮੀ ਅਤੇ ਟੋਬ ਅਤੇ ਮਆਕਾਹ ਦੇ ਮਨੁੱਖ ਮੈਦਾਨ ਵਿੱਚ ਵੱਖਰੇ ਰਹੇ ।

9ਜਦ ਯੋਆਬ ਨੇ ਵੇਖਿਆ ਕਿ ਉਨ੍ਹਾਂ ਦੇ ਵਿਰੁੱਧ ਦੋਹੀਂ ਪਾਸੀਂ, ਅੱਗੇ-ਪਿੱਛੇ ਲੜਾਈ ਲਈ ਕਤਾਰ ਬੰਨ੍ਹੀ ਗਈ ਹੈ ਤਾਂ ਉਸ ਨੇ ਇਸਰਾਏਲ ਵਿੱਚੋਂ ਚੰਗੇ ਮਨੁੱਖ ਚੁਣ ਲਏ ਅਤੇ ਅਰਾਮੀਆਂ ਦੇ ਸਾਹਮਣੇ ਕਤਾਰ ਬੰਨ੍ਹੀ । 10ਅਤੇ ਬਾਕੀ ਦੇ ਲੋਕਾਂ ਨੂੰ ਅੰਮੋਨੀਆਂ ਦੇ ਸਾਹਮਣੇ ਕਤਾਰ ਬੰਨ੍ਹਣ ਲਈ ਆਪਣੇ ਭਰਾ ਅਬੀਸ਼ਈ ਦੇ ਹੱਥ ਸੌਂਪ ਦਿੱਤਾ ।

11ਅਤੇ ਆਖਿਆ, ਜੇਕਰ ਅਰਾਮੀ ਮੇਰੇ ਵਿਰੁੱਧ ਪਰਬਲ ਹੋਣ ਤਾਂ ਤੂੰ ਮੇਰੀ ਸਹਾਇਤਾ ਕਰੀਂ ਅਤੇ ਜੇ ਅੰਮੇਨੀ ਤੇਰੇ ਉੱਤੇ ਜੋਰ ਪਾਉਣ ਤਾਂ ਮੈਂ ਆ ਕੇ ਤੇਰੀ ਸਹਾਇਤਾ ਕਰਾਂਗਾ । 12ਸੋ ਤਕੜੇ ਰਹੀਏ, ਆਪਣੇ ਲੋਕਾਂ ਦੇ ਲਈ ਅਤੇ ਆਪਣੇ ਪਰਮੇਸ਼ੁਰ ਦੇ ਸ਼ਹਿਰਾਂ ਦੇ ਲਈ ਪੁਰਸ਼ਾਰਥ ਕਰੀਏ ਅਤੇ ਜੋ ਯਹੋਵਾਹ ਨੂੰ ਚੰਗਾ ਲੱਗੇ, ਉਹੀ ਕਰੇ ।

13ਫਿਰ ਯੋਆਬ ਅਤੇ ਓਹ ਲੋਕ ਜੋ ਉਸ ਦੇ ਨਾਲ ਸਨ ਅਰਾਮੀਆਂ ਦੇ ਉੱਤੇ ਹਮਲਾ ਕਰਨ ਨੂੰ ਅੱਗੇ ਵਧੇ ਅਤੇ ਅਰਾਮੀ ਉਨ੍ਹਾਂ ਦੇ ਅੱਗਿਓਂ ਭੱਜ ਗਏ । 14ਅਤੇ ਅੰਮੋਨੀ ਵੀ ਇਹ ਵੇਖ ਕੇ ਕਿ ਅਰਾਮੀ ਨੱਠ ਗਏ ਹਨ ਤਾਂ ਓਹ ਵੀ ਅਬੀਸ਼ਈ ਦੇ ਅੱਗੋਂ ਨੱਠ ਗਏ ਫੇਰ ਸ਼ਹਿਰ ਵਿੱਚ ਜਾ ਵੜੇ ਤਾਂ ਯੋਆਬ ਅੰਮੋਨੀਆਂ ਨਾਲ ਲੜਨ ਤੋਂ ਮੁੜ ਕੇ ਯਰੂਸ਼ਲਮ ਵਿੱਚ ਆਇਆ ।

15ਜਦ ਅਰਾਮੀਆਂ ਨੇ ਵੇਖਿਆ ਜੋ ਅਸੀਂ ਇਸਰਾਏਲ ਦੇ ਅੱਗੇ ਹਾਰ ਗਏ ਹਾਂ ਤਾਂ ਉਨ੍ਹਾਂ ਨੇ ਆਪਣੇ ਆਪ ਨੂੰ ਇੱਕਠਿਆਂ ਕੀਤਾ । 16ਅਤੇ ਹਦਦਅਜ਼ਰ ਨੇ ਲੋਕ ਭੇਜੇ ਅਤੇ ਅਰਾਮੀਆਂ ਨੂੰ ਜੋ ਦਰਿਆ ਦੇ ਪਾਰ ਸਨ ਲੈ ਆਇਆ ਅਤੇ ਓਹ ਹੇਲਾਮ ਵਿੱਚ ਆਏ ਅਤੇ ਸੋਬਕ ਜੋ ਹਦਦਅਜ਼ਰ ਦੀ ਆਰਾਮੀ ਫੌਜ ਦਾ ਪ੍ਰਧਾਨ ਸੀ, ਉਨ੍ਹਾਂ ਦੇ ਅੱਗੇ ਤੁਰਿਆ ।

17ਇਹ ਸੁਣ ਕੇ ਦਾਊਦ ਨੇ ਸਾਰੇ ਇਸਰਾਏਲੀਆਂ ਨੂੰ ਇਕੱਠਿਆਂ ਕੀਤਾ ਅਤੇ ਯਰਦਨੋਂ ਪਾਰ ਲੰਘ ਕੇ ਹੇਲਾਮ ਤੱਕ ਆਇਆ । ਅਰਾਮੀਆਂ ਨੇ ਦਾਊਦ ਦੇ ਸਾਹਮਣੇ ਕਤਾਰ ਬੰਨ੍ਹੀ ਅਤੇ ਉਸ ਨਾਲ ਲੜੇ 18ਅਤੇ ਅਰਾਮੀ ਇਸਰਾਏਲ ਦੇ ਅੱਗੋਂ ਭੱਜ ਗਏ ਅਤੇ ਦਾਊਦ ਨੇ ਅਰਾਮੀਆਂ ਦੇ ਸੱਤ ਸੌ ਰਥ ਅਤੇ ਚਾਲ੍ਹੀ ਹਜ਼ਾਰ ਸਵਾਰ ਵੱਢ ਸੁੱਟੇ ਅਤੇ ਉਨ੍ਹਾਂ ਦੇ ਸੈਨਾਪਤੀ ਸ਼ੋਬਕ ਨੂੰ ਅਜਿਹਾ ਮਾਰਿਆ ਜੋ ਉਹ ਉੱਥੇ ਹੀ ਮਰ ਗਿਆ । ਜਦ ਉਨ੍ਹਾਂ ਰਾਜਿਆਂ ਨੇ ਜੋ ਹਦਦਅਜ਼ਰ ਦੇ ਅਧੀਨ ਸਨ ਵੇਖਿਆ ਕਿ ਓਹ ਇਸਰਾਏਲ ਅੱਗੇ ਹਾਰ ਗਏ ਹਨ ਤਾਂ ਉਨ੍ਹਾਂ ਨੇ ਇਸਰਾਏਲੀਆਂ ਨਾਲ ਸਮਝੋਤਾ ਕੀਤਾ ਅਤੇ ਉਨ੍ਹਾਂ ਦੀ ਟਹਿਲ ਸੇਵਾ ਕੀਤੀ । ਇਸ ਲਈ, ਅਰਾਮੀ ਅੰਮੋਨੀਆਂ ਦੀ ਫੇਰ ਸਹਾਇਤਾ ਕਰਨ ਤੋਂ ਡਰੇ ।

19

Copyright information for PanULB